ਵੱਡੀ ਰਚਨਾ ਉਹ ਜਿਸਨੂੰ ਪੜ੍ਹਦਿਆਂ ਨਾਲੋ-ਨਾਲ ਹੋਰ ਵੱਡੀਆਂ ਰਚਨਾਵਾਂ ਯਾਦ ਆਉਂਦੀਆਂ ਰਹਿਣ। ਮੈਂ ਧਰਮ ਦਾ ਵਿਦਿਆਰਥੀ ਰਿਹਾ, ਸਾਰੀ ਉਮਰ ਇਹੋ ਕੁਝ ਪੜ੍ਹਿਆ-ਪੜ੍ਹਾਇਆ। ਧਰਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਜਦੋਂ ਅਧਰਮ ਅਤੇ ਅਨਿਆਂ ਫੈਲਦਾ ਹੈ ਉਦੋਂ ਦੁਖੀ ਮਨੁੱਖਤਾ ਦਾ ਸਹਾਰਾ ਬਣ ਕੇ ਪਰਮੇਸਰ ਧਰਤੀ ਉੱਪਰ ਆਉਂਦਾ ਹੈ। ਪੀ. ਸਾਈਨਾਥ ਦੀ ਇਹ ਕਿਤਾਬ ‘ਅਖ਼ੀਰਲੇ ਨਾਇਕ’ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਸੰਸਾਰ ਦਾ ਕਲਿਆਣ ਕਰਨ ਵਾਸਤੇ ਕੁਝ ਬੰਦੇ ਵੀ ਧਰਤੀ ਉੱਤੇ ਬਾਰ-ਬਾਰ ਆਇਆ ਕਰਦੇ ਹਨ। ਮੈਨੂੰ 18ਵੀਂ ਸਦੀ ਦੇ ਸਿੱਖ ਯੋਧੇ ਯਾਦ ਆਏ ਜਿਹੜੇ ਜੰਗਲਾਂ ਵਿੱਚ ਦਿਨ-ਕਟੀ ਕਰਦੇ ਕਦੀ ਕਦਾਈਂ ਵੀਹ-ਵੀਹ, ਪੱਚੀ-ਪੱਚੀ ਘੋੜ-ਸਵਾਰ ਆਬਾਦੀਆਂ ਵੱਲ ਆਉਂਦੇ, ਜੈਕਾਰਾ ਛੱਡ ਕੇ ਆਖਦੇ—ਭਾਈਓ ਕਿਸੇ ਨਾਲ਼ ਬੇਇਨਸਾਫ਼ੀ ਹੋਈ ਹੋਵੇ ਸਾਨੂੰ ਦੱਸੋ, ਅਸੀਂ ਇਨਸਾਫ਼ ਕਰਾਂਗੇ। ਜਲਾਵਤਨ ਲੋਕ ਇਨਸਾਫ਼ ਕਰਨ ਲ�... See more
ਵੱਡੀ ਰਚਨਾ ਉਹ ਜਿਸਨੂੰ ਪੜ੍ਹਦਿਆਂ ਨਾਲੋ-ਨਾਲ ਹੋਰ ਵੱਡੀਆਂ ਰਚਨਾਵਾਂ ਯਾਦ ਆਉਂਦੀਆਂ ਰਹਿਣ। ਮੈਂ ਧਰਮ ਦਾ ਵਿਦਿਆਰਥੀ ਰਿਹਾ, ਸਾਰੀ ਉਮਰ ਇਹੋ ਕੁਝ ਪੜ੍ਹਿਆ-ਪੜ੍ਹਾਇਆ। ਧਰਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਜਦੋਂ ਅਧਰਮ ਅਤੇ ਅਨਿਆਂ ਫੈਲਦਾ ਹੈ ਉਦੋਂ ਦੁਖੀ ਮਨੁੱਖਤਾ ਦਾ ਸਹਾਰਾ ਬਣ ਕੇ ਪਰਮੇਸਰ ਧਰਤੀ ਉੱਪਰ ਆਉਂਦਾ ਹੈ। ਪੀ. ਸਾਈਨਾਥ ਦੀ ਇਹ ਕਿਤਾਬ ‘ਅਖ਼ੀਰਲੇ ਨਾਇਕ’ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਸੰਸਾਰ ਦਾ ਕਲਿਆਣ ਕਰਨ ਵਾਸਤੇ ਕੁਝ ਬੰਦੇ ਵੀ ਧਰਤੀ ਉੱਤੇ ਬਾਰ-ਬਾਰ ਆਇਆ ਕਰਦੇ ਹਨ। ਮੈਨੂੰ 18ਵੀਂ ਸਦੀ ਦੇ ਸਿੱਖ ਯੋਧੇ ਯਾਦ ਆਏ ਜਿਹੜੇ ਜੰਗਲਾਂ ਵਿੱਚ ਦਿਨ-ਕਟੀ ਕਰਦੇ ਕਦੀ ਕਦਾਈਂ ਵੀਹ-ਵੀਹ, ਪੱਚੀ-ਪੱਚੀ ਘੋੜ-ਸਵਾਰ ਆਬਾਦੀਆਂ ਵੱਲ ਆਉਂਦੇ, ਜੈਕਾਰਾ ਛੱਡ ਕੇ ਆਖਦੇ—ਭਾਈਓ ਕਿਸੇ ਨਾਲ਼ ਬੇਇਨਸਾਫ਼ੀ ਹੋਈ ਹੋਵੇ ਸਾਨੂੰ ਦੱਸੋ, ਅਸੀਂ ਇਨਸਾਫ਼ ਕਰਾਂਗੇ। ਜਲਾਵਤਨ ਲੋਕ ਇਨਸਾਫ਼ ਕਰਨ ਲੱਗੇ, ਜਿਵੇਂ ਅੰਨ੍ਹਿਆਂ ਦੀ ਬਸਤੀ ਵਿੱਚ ਸ਼ੀਸ਼ੇ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦੇਣ।
ਕਿਤਾਬ ਵਿਚਲੇ ਭੁੱਲੇ ਵਿਸਰੇ ਨਾਇਕਾਂ ਨੂੰ ਮੇਰਾ ਸਲਾਮ। ਪੀ. ਸਾਈਨਾਥ ਨੁੂੰ ਸਲਾਮ ਜਿਸ ਸਦਕਾ ਇਨ੍ਹਾਂ ਨੂੰ ਮਿਲ ਸਕੇ। ਪ੍ਰੋ. ਬਾਵਾ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਇਹ ਕਿਤਾਬ ਅਨੁਵਾਦ ਕਰਨ ਵਾਸਤੇ ਘਰ ਲੈ ਕੇ ਆਏ ਤਾਂ ਮੈਨੂੰ ਖ਼ੁਸ਼ੀ ਹੋਈ ਕਿ ਦੋ ਦਾਨਿਸ਼ਵਰਾਂ ਨੂੰ ਯਕੀਨ ਹੈ ਪੰਨੂ ਠੀਕ ਅਨੁਵਾਦ ਕਰ ਸਕਦਾ ਹੈ।
ਪੰਜਾਬੀ ਜਗਤ ਵਾਸਤੇ ਇਹ ਤੋਹਫ਼ਾ ਹਾਜ਼ਰ ਹੈ।
- ਹਰਪਾਲ ਸਿੰਘ ਪੰਨੂ