ਪੰਜਾਬ ਦੀ ਕਿਸਾਨੀ ਨਾਲ਼ ਇਸ ਤਰ੍ਹਾਂ ਦਾ ਬੌਧਿਕ ਸੰਵਾਦ ਨਾਵਲ ਵਿੱਚ ਪਹਿਲਾਂ ਕਦੀ ਨਹੀਂ ਹੋਇਆ। ਇਹ ਸਿਰਫ਼ ਸੰਵਾਦ ਹੀ ਨਹੀਂ ਸਗੋਂ ਪੰਜਾਬ ਦੀ ਕਿਸਾਨੀ ਦੇ ਉਸ ਤਲ ਬਾਰੇ ਗੱਲ ਕਰਦਾ ਹੈ, ਜਿਸ ਕਾਰਣ ਹੁਣ ਤੱਕ ਕਿਸਾਨੀ ਸਾਬਤ-ਸਬੂਤੀ ਜੀਵਤ ਰਹਿ ਸਕੀ ਹੈ। ਇਹ ਹੈ ਕੁਦਰਤ ਤੇ ਕਿਸਾਨੀ ਦਾ ਗਹਿਰਾ ਰਿਸ਼ਤਾ। ਆਖ਼ਰੀ ਬਾਬੇ ਇਸ ਗਹਿਰਾਈ ਨੂੰ ਚਿਤਰਦਾ, ਕਿਸਾਨੀ ਦੀਆਂ ਸਭ ਤੋਂ ਸੂਖਮ ਪਰਤਾਂ ਵੱਲ਼ ਇਸ਼ਾਰੇ ਕਰਦਾ ਹੈ। ਹੁਣ ਤੱਕ ਅਸੀਂ ਕਿਸਾਨੀ ਦੇ ਬਾਹਰੀ ਰੂਪਾਂ ਤੇ ਉਹਦੇ ਵਿਦਰੋਹੀ ਸੁਰਾਂ ਕਰਕੇ ਹੀ ਜਾਣਦੇ ਸਾਂ। ਪਰ ਜਿਸ ਤਲ ਉੱਤੇ ਕਿਸਾਨੀ ਸਭ ਤੋਂ ਵੱਧ ਮਜਬੂਤੀ ਨਾਲ਼ ਖੜ੍ਹੀ ਦਿਸਦੀ ਹੈ, ਪੰਜਾਬੀ ਨਾਵਲ 'ਚ ਉਹਦਾ ਜ਼ਿਕਰ ਨਾ ਮਾਤਰ ਹੋਇਆ ਹੈ। ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਇਸ ਤੋਂ ਵੀ ਅਹਿ... See more
ਪੰਜਾਬ ਦੀ ਕਿਸਾਨੀ ਨਾਲ਼ ਇਸ ਤਰ੍ਹਾਂ ਦਾ ਬੌਧਿਕ ਸੰਵਾਦ ਨਾਵਲ ਵਿੱਚ ਪਹਿਲਾਂ ਕਦੀ ਨਹੀਂ ਹੋਇਆ। ਇਹ ਸਿਰਫ਼ ਸੰਵਾਦ ਹੀ ਨਹੀਂ ਸਗੋਂ ਪੰਜਾਬ ਦੀ ਕਿਸਾਨੀ ਦੇ ਉਸ ਤਲ ਬਾਰੇ ਗੱਲ ਕਰਦਾ ਹੈ, ਜਿਸ ਕਾਰਣ ਹੁਣ ਤੱਕ ਕਿਸਾਨੀ ਸਾਬਤ-ਸਬੂਤੀ ਜੀਵਤ ਰਹਿ ਸਕੀ ਹੈ। ਇਹ ਹੈ ਕੁਦਰਤ ਤੇ ਕਿਸਾਨੀ ਦਾ ਗਹਿਰਾ ਰਿਸ਼ਤਾ। ਆਖ਼ਰੀ ਬਾਬੇ ਇਸ ਗਹਿਰਾਈ ਨੂੰ ਚਿਤਰਦਾ, ਕਿਸਾਨੀ ਦੀਆਂ ਸਭ ਤੋਂ ਸੂਖਮ ਪਰਤਾਂ ਵੱਲ਼ ਇਸ਼ਾਰੇ ਕਰਦਾ ਹੈ। ਹੁਣ ਤੱਕ ਅਸੀਂ ਕਿਸਾਨੀ ਦੇ ਬਾਹਰੀ ਰੂਪਾਂ ਤੇ ਉਹਦੇ ਵਿਦਰੋਹੀ ਸੁਰਾਂ ਕਰਕੇ ਹੀ ਜਾਣਦੇ ਸਾਂ। ਪਰ ਜਿਸ ਤਲ ਉੱਤੇ ਕਿਸਾਨੀ ਸਭ ਤੋਂ ਵੱਧ ਮਜਬੂਤੀ ਨਾਲ਼ ਖੜ੍ਹੀ ਦਿਸਦੀ ਹੈ, ਪੰਜਾਬੀ ਨਾਵਲ 'ਚ ਉਹਦਾ ਜ਼ਿਕਰ ਨਾ ਮਾਤਰ ਹੋਇਆ ਹੈ। ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੁਦਰਤ ਨਾਲ਼ ਸੰਬੰਧ ਜਦੋਂ ਲੋਕ ਰੰਗ ਵਿੱਚ ਭਿੱਜਕੇ ਜੀਵਨ ਦੀਆਂ ਗਹਿਰਾਈਆਂ 'ਚ ਉਤਰਦਾ ਹੈ; ਉਹਨੂੰ ਚਿਤਰਦਾ ਮੰਡ ਹੋਰ ਵੀ ਗਹਿਰਾ ਹੋ ਜਾਂਦਾ ਹੈ। ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਗਹਿਰੇ ਤਲ ਉੱਤੇ ਸੰਵਾਦ ਛੇੜਦਾ ਹੈ। ਇਹ ਬੀਤੇ ਨੂੰ ਯਾਦ ਕਰਦਾ, ਆਧੁਨਿਕਤਾ ਨੂੰ ਚਿਤਰਦਾ, ਆਉਣ ਵਾਲ਼ੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿੱਥ ਨੂੰ ਸਿਰਜਦਾ, ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਹੈ। ਆਪਣੀ ਕਥਾ ਸੁਣਾਉਣ ਦਾ ਇਸ ਨਾਵਲ ਦਾ ਅੰਦਾਜ਼ ਵੱਖਰਾ ਹੀ ਹੈ। ਮੰਡ ਇੱਕ ਨਵੀਂ ਭਾਸ਼ਾ ਸਿਰਜਦਾ ਹੈ। ਇਸ ਤਰ੍ਹਾਂ ਨਾਵਲ ਆਖ਼ਰੀ ਬਾਬੇ ਪੰਜਾਬ ਦੀ ਕਿਸਾਨੀ ਦੀ ਸਭ ਤੋਂ ਗਹਿਰੀ ਜ਼ਮੀਨ ਉੱਪਰ ਨਵਾਂ ਸੰਵਾਦ ਛੇੜਦਾ ਹੈ। ਇਹ ਨਾਵਲ ਭਵਿੱਖ ਵਿੱਚ ਪੰਜਾਬ ਦੀ ਕਿਸਾਨੀ ਦੀਆਂ ਗਹਿਰੀਆਂ ਯਾਦਾਂ ਦਾ ਦਸਤਾਵੇਜ਼ ਹੋਵੇਗਾ।
- ਡਾ.ਪੀ. ਲਾਲ (ਜਪਾਨ)